=======
ਪਟਿਆਲਾ ‘ਚ ਰਾਜ ਪੱਧਰੀ ਪਹਿਲਾ ਅਕਾਲ ਗੱਤਕਾ ਕੱਪ 11 ਨੂੰ
ਗੱਤਕਾ ਖੇਡ ਦੇ ਸਰਟੀਫਿਕੇਟਾਂ ਦੀ ਗ੍ਰੇਡੇਸ਼ਨ ਜਲਦ ਕਰਨ ਦੀ ਮੰਗ
ਪਟਿਆਲਾ 31 ਅਕਤੂਬਰ-ਨੌਜਵਾਨਾਂ ਨੂੰ ਅਮੀਰ ਵਿਰਸੇ ਨਾਲ ਜੋੜਨ ਅਤੇ ਵਿਰਾਸਤੀ ਸਿੱਖ ਮਾਰਸ਼ਲ ਆਰਟ ਗੱਤਕੇ ਦੀ ਪ੍ਰਫੁੱਲਤਾ ਲਈ ਪੰਜਾਬ ਗੱਤਕਾ ਐਸੋਸੀਏਸ਼ਨ (ਰਜਿ.) ਵੱਲੋਂ ਆਰੰਭੀ ਵਿਰਸਾ ਸੰਭਾਲ ਲੜੀ ਅਧੀਨ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ (ਰਜਿ.) ਪਟਿਆਲਾ ਵੱਲੋਂ ਐਤਵਾਰ 11 ਨਵੰਬਰ ਨੂੰ ਪਟਿਆਲਾ ਵਿਖੇ ਰਾਜ ਪੱਧਰੀ ਪਹਿਲਾ ਅਕਾਲ ਗੱਤਕਾ ਕੱਪ ਕਰਵਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੀਆਂ ਚੋਟੀ ਦੀਆਂ ਗੱਤਕਾ ਟੀਮਾਂ ਭਾਗ ਲੈਣਗੀਆਂ।
ਇਸ ਟੂਰਨਾਮੈਂਟ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਸਬੰਧੀ ਅੱਜ ਇੱਥੇ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਹਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਦੀઠਮੀਟਿੰਗ ਹੋਈ ਜਿਸ ਵਿਚ ਮੁੱਖ ਸ੍ਰਰਪ੍ਰਸਤ ਸ. ਜੱਸਾ ਸਿੰਘ ਸੰਧੂ ਸਾਬਕਾ ਇੰਸਪੈਕਟਰ ਪੁਲਿਸ, ਜਿਲ੍ਹਾ ਪ੍ਰਧਾਨ ਸ. ਅਵਤਾਰ ਸਿੰਘ, ਜਨਰਲ ਸਕੱਤਰ ਸ. ਤੇਜਿੰਦਰ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਸ. ਜਸਵਿੰਦਰ ਸਿੰਘ ਦੁਬਈ ਅਤੇ ਮੀਤ ਪ੍ਰਧਾਨ ਸ. ਗੁਰਪ੍ਰਤਾਪ ਸਿੰਘ ਅੰਟਾਲ ਆਦਿ ਵੀ ਹਾਜਰ ਸਨ। ਉਨਾਂ ਦੱਸਿਆ ਕਿ ਬੰਦੀ ਛੋੜ ਦਿਵਸ ਨੂੰ ਸਮਰਪਿਤ ਪਹਿਲਾ ਅਕਾਲ ਗੱਤਕਾ ਕੱਪ 11 ਨਵੰਬਰ ਨੂੰ ਅਰਬਨ ਅਸਟੇਟ, ਫੇਸ-1, ਪਟਿਆਲਾ ਦੇ ਦੁਸਹਿਰਾ ਗਰਾਉਂਡ ਵਿਖੇ ਸਵੇਰੇ 9.00 ਵਜੇ ਤੋਂ ਸ਼ਾਮ 03.00 ਵਜੇ ਤੱਕ ਕਰਵਾਇਆ ਜਾਵੇਗਾ ਜਿਸ ਵਿੱਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਖਾਲਸਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਮੁੱਖ ਮਹਿਮਾਨ ਹੋਣਗੇ। ਸਮਾਜ ਸੇਵੀ ਸੰਸਥਾ “ਸਰਬੱਤ ਦਾ ਭਲਾ” (ਰਜ਼ਿ.) ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਰਜ਼ਿ.) ਦੇ ਸਹਿਯੋਗ ਨਾਲ ਕਰਵਾਏ ਜ਼ਾ ਰਹੇ ਇਸ ਗੱਤਕਾ ਟੂਰਨਾਮੈਂਟ ਵਿੱਚ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ, ਸੰਤ ਬਾਬਾ ਸੁੱਧ ਸਿੰਘ ਟੂਸਿਆਂ ਵਾਲੇ, ਸੰਤ ਬਾਬਾ ਮਨਮੋਹਨ ਸਿੰਘ ਬਾਰਨ ਸਮੇਤ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ, ਸਮੂਹ ਸ਼੍ਰੋਮਣੀ ਕਮੇਟੀ ਮੈਂਬਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਸ. ਜਸਪਾਲ ਸਿੰਘ, ਐਸ.ਐਸ.ਪੀ ਪਟਿਆਲਾ ਸ. ਗੁਰਪ੍ਰੀਤ ਸਿੰਘ ਗਿੱਲ, ਡਿਪਟੀ ਕਮਿਸ਼ਨਰ ਪਟਿਆਲਾ ਸ. ਜੀ.ਕੇ. ਸਿੰਘ, ਏਸ਼ੀਅਨ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਸ. ਐਸ.ਪੀ. ਸਿੰਘ ਓੁਬਰਾਏ ਅਤੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸ. ਹਰਚਰਨ ਸਿੰਘ ਭੁੱਲਰ ਐਸ.ਐਸ.ਪੀ. ਸੰਗਰੂਰ, ਮੇਅਰ ਸ. ਜਸਪਾਲ ਸਿੰਘ ਪਟਿਆਲਾ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਹੋਣਗੇ।
ਗੱਤਕਾ ਫੈਡਰੇਸ਼ਨ ਆਫ਼ ਇੰਡੀਆ (ਰਜ਼ਿ.) ਵੱਲੋਂ ਪ੍ਰਵਾਨਿਤ ਨਿਯਮਾਂਵਲੀ ਅਨੁਸਾਰ ਕਰਵਾਏ ਜਾਣ ਵਾਲੇ ਇਨ੍ਹਾਂ ਗੱਤਕਾ ਮੁਕਾਬਲਿਆਂ ਵਿੱਚ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਦੇ ਦਿਲਖਿੱਚਵੇਂ ਮੁਕਾਬਲੇ ਹੋਣਗੇ ਜੋ ਰਵਾਇਤੀ ਬਾਣੇ ਵਿੱਚ ਆਪਣੇ ਜੰਗਜੂ ਜਾਹੋ-ਜਲਾਲ ਦਿਖਾਉਣਗੀਆਂ। ਉਨਾਂ ਕਿਹਾ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ, ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਸ. ਐਸ.ਪੀ. ਸਿੰਘ ਓਬਰਾਏ ਅਤੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸ. ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਗੱਤਕਾ ਐਸੋਸੀਏਸ਼ਨਾਂ ਵੱਲੋਂ ਜਿੱਥੇ ਇਸ ਪੁਰਾਤਨ ਕਲਾ ਨੂੰ ਵਿਰਾਸਤੀ ਗੱਤਕਾ ਮੁਕਾਬਲਿਆਂ ਦੌਰਾਨ ਵਿਰਸੇ ਤੇ ਸੱਭਿਆਚਾਰ ਪੱਖੋਂ ਵਿਕਸਿਤ ਕੀਤਾ ਜਾ ਰਿਹਾ ਹੈ ਉੱਥੇ ਹੀ ਇਸ ਨੂੰ ਮਾਨਤਾਪ੍ਰਾਪਤ ਖੇਡ ਵਜੋਂ ਪ੍ਰਫੁੱਲਤ ਕਰਕੇ ਇਸ ਦੀ ਮਕਬੂਲੀਅਤ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਸ. ਗਰੇਵਾਲ ਨੇ ਦੱਸਿਆ ਕਿ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਹੁਣ ਤੱਕ 14 ਵਿਰਸਾ ਸੰਭਾਲ ਗੱਤਕਾ ਟੂਰਨਾਮੈਂਟ ਕਰਵਾਏ ਜਾ ਚੁੱਕੇ ਹਨ ਅਤੇ ਅਜਿਹੇ ਵਿਰਾਸਤੀ ਮੁਕਾਬਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਤੰਦਰੁਸਤ ਜੀਵਨ ਜਿਉਣ, ਵਿਰਸੇ ਨਾਲ ਜੁੜਨ ਅਤੇ ਬਾਣੀ-ਬਾਣੇ ਨਾਲ ਜੁੜਨ ਲਈ ਲਾਹੇਵੰਦ ਸਾਬਤ ਹੋਣਗੇ। ਉਨਾਂ ਸਮੂਹ ਗੱਤਕਾ ਖਿਡਾਰੀਆਂ, ਟੀਮਾਂ ਅਤੇ ਗੱਤਕਾ ਅਖਾੜਿਆਂ ਨੂੰ ਕਿਹਾ ਕਿ ਉਹ ਗੱਤਕਾ ਫੈਡਰੇਸ਼ਨ ਅਤੇ ਗੱਤਕਾ ਐਸੋਸੀਏਸ਼ਨਾਂ ਵੱਲੋਂ ਆਯੋਜਿਤ ਕੀਤੇ ਜਾਂਦੇ ਵਿਰਸਾ ਸੰਭਾਲ ਗੱਤਕਾ ਪ੍ਰੋਗਰਾਮਾਂ ਅਤੇ ਗੱਤਕਾ ਖੇਡ ਮੁਕਾਬਲਿਆਂ ਵਿੱਚ ਹੀ ਹਿੱਸਾ ਲੈਣ ਅਤੇ ਅਣਅਧਿਕਾਰਤ ਗੱਤਕਾ ਪ੍ਰੋਗਰਾਮਾਂ ਵਿੱਚ ਆਪਣਾ ਵਕਤ ਅਤੇ ਪੈਸਾ ਬਰਬਾਦ ਨਾ ਕਰਨ ਅਤੇ ਅਣਸਿਖਿਅਤ ਕੋਚਾਂ ਦੀ ਜੱਜਮੈਂਟ ਦੌਰਾਨ ਆਪਣਾ ਬਿਹਤਰ ਭਵਿੱਖ ਅਤੇ ਆਪਣੀ ਖੇਡ ਤਕਨੀਕ ਖਰਾਬ ਨਾ ਵਿਗਾੜਨ।
ਉਨ੍ਹਾਂ ਕਿਹਾ ਕਿ ਪੰਜਾਬ ਗੱਤਕਾ ਐਸੋਸੀਏਸ਼ਨ ਦੀ ਇਹ ਕੋਸ਼ਿਸ਼ ਹੈ ਕਿ ਗੱਤਕੇਬਾਜ਼ੀ ਨੂੰ ਸਮੁੱਚੀ ਦੁਨੀਆਂ ਅੱਗੇ ਨਿਵੇਕਲੇ ਢੰਗ ਨਾਲ ਪ੍ਰਦਰਸ਼ਿਤ ਕਰਨ ਲਈ ਰਵਾਇਤੀ ਮਾਰਸ਼ਲ ਆਰਟ ਗੱਤਕਾ ਹਰ ਤਰਾਂ ਦੇ ਸੱਭਿਆਚਾਰਕ ਸਮਾਗਮਾਂ ਦੇ ਉਦਘਾਟਨੀ ਅਤੇ ਸਮਾਪਤੀ ਜਸ਼ਨਾਂ ਮੌਕੇ ਗਿੱਧੇ-ਭੰਗੜੇ ਦੇ ਬਰਾਬਰ ਪੇਸ਼ ਹੋ ਕੇ ਮਕਬੂਲੀਅਤ ਖੱਟ ਸਕੇ। ਉਨਾਂ ਰਾਜ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੋਰਨਾਂ ਖੇਡਾਂ ਦੀ ਤਰਜ ‘ਤੇ ਗੱਤਕਾ ਖੇਡ ਦੇ ਸਰਟੀਫਿਕੇਟਾਂ ਦੀ ਗ੍ਰੇਡੇਸ਼ਨ ਜਲਦ ਸ਼ੁਰੂ ਕੀਤੀ ਜਾਵੇ ਤਾਂ ਜੋ ਗੱਤਕਾ ਖਿਡਾਰੀ ਵੀ ਹੋਰਨਾਂ ਖਿਡਾਰੀਆਂ ਵਾਂਗ ਰਾਖਵੇਂਕਰਨ ਦੀਆਂ ਸਹੂਲਤਾਂ ਹਾਸਲ ਕਰ ਸਕਣ।
-========================================================
ਬੰਦੀ ਛੋੜ ਦਿਵਸ ਨੂੰ ਸਮਰਪਿਤ ਪਹਿਲੇ ਰਾਜ ਪੱਧਰੀ ਅਕਾਲ ਗੱਤਕਾ ਕੱਪ ਮੌਕੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਗੱਤਕੇ ਦਾ ਮੈਚ ਸ਼ੁਰੂ ਕਰਵਾਉਂਦੇ ਹੋਏ।
No comments:
Post a Comment