ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਹਨ ਐਸ. ਪੀ. ਸਿੰਘ ਉਬਰਾਏ --AJIT Sunday 17 March 2013


ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਹਨ ਐਸ. ਪੀ. ਸਿੰਘ ਉਬਰਾਏ 

ਸੰਯੁਕਤ ਅਰਬ ਅਮੀਰਾਤ ਵਿਚ ਨੌਜਵਾਨਾਂ ਨੂੰ ਫਾਂਸੀ ਦੇ ਫੰਦੇ ਤੋਂ ਛੁਡਾਉਣ ਲਈ ਮਸੀਹੇ ਵਜੋਂ ਜਾਣੇ ਜਾਂਦੇ ਸੰਸਾਰ ਪ੍ਰਸਿੱਧ ਪੰਜਾਬੀ ਕਾਰੋਬਾਰੀ ਸ: ਐਸ. ਪੀ. ਸਿੰਘ ਉਬਰਾਏ ਸਿੱਖਿਆ ਅਤੇ ਸਮਾਜ ਸੁਧਾਰਕ ਕੰਮਾਂ ਵਿਚ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ | ਹੁਣਤੱਕ ਉਨ੍ਹਾਂ ਦਾ ਡੁਬਈ 'ਚ ਫਸੇ ਨੌਜਵਾਨਾਂ ਨੂੰ ਕਈ ਸਾਲ ਯਤਨ ਕਰਕੇ ਤੇ ਪੱਲਿਉਂ ਵੱਡੀਆਂ ਰਕਮਾਂ ਖਰਚ ਕਰਕੇ ਵਾਪਸ ਲਿਆਉਣ ਦਾ ਪੱਖ ਹੀ ਸਾਹਮਣੇ ਆਇਆ ਸੀ ਪਰ ਬੀਤੇ ਦਿਨ 'ਅਜੀਤ ਭਵਨ' ਵਿਖੇ ਹੋਈਇਕ ਲੰਬੀ ਮੁਲਾਕਾਤ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਸ: ਉਬਰਾਏ ਇਕ ਬਹੁਪੱਖੀ ਤੇ ਗਤੀਸ਼ੀਲ ਸ਼ਖ਼ਸੀਅਤ ਦੇ ਮਾਲਕ ਹਨ ਤੇ ਉਹ ਲੋੜਵੰਦਾਂ ਨੂੰ ਸਿੱਖਿਆ, ਕਿੱਤਾਮੁਖੀ ਹੁਨਰ ਅਤੇ ਸਹਾਰਾ ਦੇਣ ਲਈ ਵੀ ਅਨੇਕ ਪ੍ਰਾਜੈਕਟ ਚਲਾ ਰਹੇ ਹਨ | ਉਨ੍ਹਾਂ ਨੇ ਅਜਿਹੇ ਬਹੁਮੰਤਵੀ ਕੰਮਾਂ ਲਈ 'ਸਰਬੱਤ ਦਾ ਭਲਾ ਟਰੱਸਟ' ਕਾਇਮ ਕੀਤਾ ਹੋਇਆ ਹੈ | 'ਸਰਬੱਤ ਦਾ ਭਲਾ ਟਰੱਸਟ' ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟ ਜਾਂ ਕੀਤੀ ਜਾ ਰਹੀ ਮਦਦ ਲਈਉਹ ਕਿਧਰੋਂ ਵੀ ਪੈਸਾ ਇਕੱਠਾ ਨਹੀਂਕਰਦੇ, ਸਗੋਂ ਇਹ ਸਾਰਾ ਉੱਦਮ ਉਨ੍ਹਾਂ ਦਾ ਆਪਣਾ ਹੀ ਹੈ |
ਅਸੀਂਇਥੇ ਸ: ਉਬਰਾਏ ਨਾਲ ਹੋਈ ਗੱਲਬਾਤ ਦੇ ਅਹਿਮ ਅੰਸ਼ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ:
• ਯੂ. ਏ. ਈ. 'ਚ ਵੱਖ-ਵੱਖ ਕੇਸਾਂ 'ਚ ਉਲਝੇ ਨੌਜਵਾਨਾਂ ਦੀ ਤੁਸੀਂ ਕਿਸ ਆਸ਼ੇ ਨਾਲ ਮਦਦ ਕਰਦੇ ਹੋ ਤੇ ਹੁਮ ਤੱਕ ਕਿੰਨੇ ਲੋਕਾਂ ਨੂੰ ਤੁਸੀਂ ਫਾਂਸੀ ਦੀ ਸਜ਼ਾ ਤੋਂ ਬਚਾਇਆ ਹੈ?
-ਖਾੜੀ ਦੇਸ਼ਾਂ ਵਿਚ ਭਾਰਤ ਸਮੇਤ ਬਹੁਤ ਸਾਰੇ ਦੇਸ਼ਾਂ ਤੋਂ ਨੌਜਵਾਨ ਰੁਜ਼ਗਾਰ ਲਈ ਜਾਂਦੇ ਹਨ | ਪਰ ਉਥੇ ਕਈ ਤਰ੍ਹਾਂਦੇ ਜੁਰਮਾਂ ਖਾਸ ਕਰ ਸ਼ਰਾਬ ਦੀ ਸਮਗਿਲੰਗ ਦੇ ਧੰਦੇ ਵਿਚ ਪੈ ਜਾਂਦੇ ਹਨ ਤੇ ਲੜਾਈ ਝਗੜੇ ਕਾਰਨ ਮੁਕੱਦਮਿਆਂ 'ਚ ਫਸ ਜਾਂਦੇ ਹਨ | ਮੈਂ ਗ਼ਲਤ ਕੰਮ ਕਰਨ ਵਾਲੇ ਕਿਸੇ ਵਿਅਕਤੀ ਦੀ ਕਦੇ ਮਦਦ ਨਹੀਂਕੀਤੀ | ਪਰ ਗਰੁੱਪ ਲੜਾਈਆਂ ਵਿਚ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਨੇ ਮੈਨੂੰ ਝੰਜੋੜਿਆ ਤੇ ਮੈਂ ਉਨ੍ਹਾਂ ਦੀ ਜਾਨ ਬਚਾਉਣ ਲਈ ਯਤਨ ਕੀਤੇ ਤੇ ਸਫ਼ਲ ਹੋਇਆ ਹਾਂ | ਮੇਰੇ ਯਤਨਾਂਨਾਲ ਇਕ ਪਾਕਿਸਤਾਨੀ ਨਾਗਰਿਕ ਦੇ ਕਤਲ 'ਚ ਫਸੇ 17 ਪੰਜਾਬੀ ਨੌਜਵਾਨਾਂ ਦੀ ਫਾਂਸੀ ਮੁਆਫ਼ ਕਰਵਾ ਕੇ ਉਨ੍ਹਾਂ ਨੂੰ ਵਾਪਸ ਪੰਜਾਬ ਲਿਆਂਦਾ ਗਿਆ ਹੈ | ਇਨ੍ਹਾਂ ਨੌਜਵਾਨਾਂ ਦਾ ਕਤਲ 'ਚ ਕੋਈ ਸਿੱਧਾ ਰੋਲ ਨਹੀਂ ਸੀ | ਪਿੱਛੇ ਉਨ੍ਹਾਂ ਦੇ ਬਜ਼ੁਰਗ ਮਾਪੇ ਤੇ ਪਰਿਵਾਰ ਮੰਦਹਾਲੀ ਦਾ ਸ਼ਿਕਾਰ ਹਨ | ਇਸੇ ਕਰਕੇ ਮੈਂ ਉਨ੍ਹਾਂਦੀ ਮਦਦ ਕੀਤੀ |
• ਤੁਸੀਂ ਕਾਨੂੰਨੀ ਲੜਾਈ ਕਿਵੇਂ ਜਿੱਤੀ?
-ਪਹਿਲੀ ਗੱਲ ਤਾਂ ਇਸ ਮਾਮਲੇ 'ਚ ਭਾਰਤ ਸਰਕਾਰ ਨੇ ਮੇਰੀ ਹਰ ਮਦਦ ਕੀਤੀ | ਕਾਨੂੰਨੀ ਲੜਾਈ ਦੌਰਾਨ ਹੀ ਸਾਨੂੰ ਇਸ ਗੱਲ ਦਾ ਪਤਾ ਲੱਗਾ ਕਿ ਜੇਕਰ ਪੀੜਤ ਧਿਰ 'ਬਲੱਡ ਮਨੀ' ਲੈ ਕੇ 'ਦੋਸ਼ੀ' ਨੂੰ ਮੁਆਫ਼ ਕਰ ਦੇਵੇ ਤਾਂ ਅਦਾਲਤ ਉਸੇ ਸਮੇਂ ਫਾਂਸੀ ਦੀ ਸਜ਼ਾ ਮੁਆਫ਼ ਕਰ ਦਿੰਦੀ ਹੈ |ਅਸੀਂ ਫਿਰ ਪੀੜਤ ਪਰਿਵਾਰ ਨਾਲ ਸੰਪਰਕ ਕਰਨ ਤੇ ਉਨ੍ਹਾਂਨੂੰ ਮਨਾਉਣ ਲਈ ਯਤਨ ਆਰੰਭ ਦਿੱਤੇ | ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿਚ ਸਾਡੀ ਬੜੀ ਮਦਦ ਕੀਤੀ ਤੇ ਇੰਝ ਫਾਂਸੀ ਦੀ ਸਜ਼ਾ ਖਤਮ ਕਰਵਾਉਣ 'ਚ ਸਫ਼ਲ ਰਹੇ | ਹੁਣਤੱਕ ਮੈਂ 54 ਨੌਜਵਾਨਾਂ ਨੂੰ ਫਾਂਸੀ ਦੀ ਸਜ਼ਾ ਅਤੇ ਉਮਰ ਕੈਦ ਤੋਂ ਬਚਾ ਸਕਿਆ ਹਾਂ | ਇਨ੍ਹਾਂ ਵਿਚੋਂ 22 ਪੰਜਾਬੀ, ਦੋ ਹੈਦਰਾਬਾਦੀ, 1 ਗੁਜਰਾਤੀ, 1 ਬਿਹਾਰੀ, 4 ਪਾਕਿਸਤਾਨੀ ਤੇ 4 ਬੰਗਲਾਦੇਸ਼ੀ ਆਪਣੇ ਘਰੀਂ ਪੁੱਜ ਚੁੱਕੇ ਹਨ ਤੇ 22 ਹੋਰ ਜਲਦੀ ਹੀ ਘਰਾਂਨੂੰ ਚਲੇ ਜਾਣਗੇ |
• ਤੁਸੀਂ 'ਸਰਬੱਤ ਦਾ ਭਲਾ' ਟਰੱਸਟ ਕਾਇਮ ਕੀਤਾ ਹੈ, ਇਸ ਦਾ ਮੰਤਵ ਤੇ ਸਰਗਰਮੀਆਂ ਕੀ ਹਨ?
-'ਸਰਬੱਤ ਦਾ ਭਲਾ ਟਰੱਸਟ' ਮੈਂ ਗ਼ਰੀਬ ਤੇ ਲੋੜਵੰਦ ਬੱਚਿਆਂਨੂੰ ਪੜ੍ਹਾਈ ਤੇ ਸਿਹਤ ਸੇਵਾਵਾਂ 'ਚ ਮਦਦ ਦੇਣ ਦੇ ਮਕਸਦ ਨਾਲ ਕਾਇਮ ਕੀਤਾ ਹੈ | ਮੈਂ ਇਸ ਟਰੱਸਟ ਲਈ ਕਦੇ ਵੀ ਕਿਸੇ ਤੋਂ ਵਿੱਤੀ ਮਦਦ ਨਹੀਂ ਲਈ |ਸਾਰਾ ਖਰਚ ਆਪਣੇ ਸਾਧਨਾਂ ਤੋਂ ਹੀ ਕਰਦਾ ਹਾਂ | ਸਰਬੱਤ ਦਾ ਭਲਾ ਟਰੱਸਟ ਵੱਲੋਂ ਪਟਿਆਲਾ-ਸਰਹਿੰਦ ਸੜਕ ਉਪਰ ਪਿੰਡ ਸੂਲਰ ਵਿਖੇ 20 ਏਕੜ ਜਗ੍ਹਾ ਵਿਚ ਇਕ ਬਹੁ-ਮੰਤਵੀ ਕੰਪਲੈਕਸ ਉਸਾਰਿਆ ਜਾ ਰਿਹਾ ਹੈ | ਇਸ ਕੰਪਲੈਕਸ ਵਿਚ ਮੰਦਬੁੱਧੀ ਬੱਚਿਆਂ ਲਈ ਸਕੂਲ, ਬਜ਼ੁਰਗ ਸੰਭਾਲ ਘਰ, ਹਸਪਤਾਲ ਅਤੇ ਨੌਜਵਾਨਾਂ ਨੂੰ ਹੁਨਰਮੰਦ ਕਰਨ ਲਈ ਸਿਖਲਾਈ ਕੇਂਦਰ ਖੋਲਿ੍ਹਆ ਜਾ ਰਿਹਾ ਹੈ | ਮੰਦਬੁੱਧੀ ਬੱਚਿਆਂਲਈ ਇਹ ਸਕੂਲ ਉੱਤਰੀ ਭਾਰਤ 'ਚ ਆਪਣੀ ਕਿਸਮ ਦਾ ਪਹਿਲਾ ਸਕੂਲ ਹੋਵੇਗਾ ਜਿਸ ਵਿਚ 650 ਬੱਚਿਆਂ ਨੂੰ ਰੱਖਿਆ ਜਾ ਸਕੇਗਾ ਤੇ 300 ਬੱਚਿਆਂ ਦੀ ਰਿਹਾਇਸ਼ (ਹੋਸਟਲ) ਦਾ ਵੀ ਪ੍ਰਬੰਧ ਹੋਵੇਗਾ | ਸਕੂਲ ਦੀ ਛੇ ਮੰਜ਼ਿਲਾਂ ਏਅਰ ਕੰਡੀਸ਼ਨਡ ਇਮਾਰਤ ਦੀਆਂ ਦੋ ਮੰਜ਼ਿਲਾਂ ਮੁਕੰਮਲ ਹੋ ਚੁੱਕੀਆਂਹਨ | ਇਸ ਸਮੇਂ 200 ਵਿਦਿਆਰਥੀਆਂ ਨਾਲ ਇਹ ਸਕੂਲ ਚਲ ਰਿਹਾ ਹੈ | ਇਸ ਵਿਚੋਂ 80 ਬੱਚੇ ਹੋਸਟਲ ਵਿਚ ਰਹਿਣ ਵਾਲੇ ਹਨ | ਇਸ ਸਕੂਲ ਦਾ ਡਿਜ਼ਾਈਨ, ਸਟਾਫ ਤੇ ਹੋਰ ਚੀਜ਼ਾਂ ਬੱਚਿਆਂਦੀਆਂਵਿਸ਼ੇਸ਼ਲੋੜਾਂ ਨੂੰ ਧਿਆਨ ਵਿਚ ਰੱਖ ਕੇ ਕਾਇਮ ਕੀਤੀਆਂ ਜਾ ਰਹੀਆਂਹਨ | ਸਿਖਲਾਈ ਕੇਂਦਰ ਵਿਚ ਨੌਜਵਾਨਾਂ ਨੂੰ ਇਕ ਸਾਲ ਦਾ ਹੁਨਰ ਕੋਰਸ ਵੀ ਕਰਵਾਇਆ ਜਾਵੇਗਾ ਤੇ ਇਹ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ | ਇਸੇ ਤਰ੍ਹਾਂਪਟਿਆਲਾ ਵਿਚ ਹੀ ਪੰਜਾਬੀ ਯੂਨੀਵਰਸਿਟੀ ਨੇੜੇ ਪਿੰਡ ਸੈਫਦੀਪੁਰ ਵਿਖੇ ਟਰੱਸਟ ਵੱਲੋਂ ਇਕ ਏਕੜ ਜ਼ਮੀਨ ਵਿਚ ਗੰੂਗੇ-ਬੋਲੇ ਤੇ ਨੇਤਰਹੀਣ ਬੱਚਿਆਂਦਾ ਸਕੂਲ ਅਪ੍ਰੈਲ 2012 ਵਿਚ ਖੋਲਿ੍ਹਆ ਗਿਆ ਹੈ | ਸਕੂਲ 400 ਬੱਚਿਆਂ ਦੀ ਸਮਰੱਥਾ ਵਾਲਾ ਹੋਵੇਗਾ | ਸਕੂਲ ਵਿਚ 200 ਲੜਕੇ ਤੇ 200 ਲੜਕੀਆਂਲਈ ਵੱਖ-ਵੱਖ ਰਹਿਣ ਦਾ ਪ੍ਰਬੰਧ ਹੋਵੇਗਾ | ਇਸ ਸਕੂਲ 'ਚ ਵੀ ਸਾਰਾ ਕੁਝ ਮੁਫ਼ਤ ਹੋਵੇਗਾ |ਇਥੋਂ ਤੱਕ ਕਿ ਬਾਹਰੋਂ ਬੱਚਿਆਂ ਨੂੰ ਲਿਆਉਣ ਲਈ ਆਵਾਜਾਈ ਦਾ ਖਰਚ ਵੀ ਟਰੱਸਟ ਹੀ ਕਰੇਗਾ |
• ਤੁਹਾਡੀਆਂ ਸਮਾਜ ਸੇਵਾ ਦੀਆਂ ਹੋਰ ਕਿਹੜੀਆਂ ਸਰਗਰਮੀਆਂ ਹਨ?
-ਜੇਲ੍ਹਾਂ ਵਿਚ ਕੈਦ ਕੱਟ ਰਹੀਆਂਮਾਵਾਂ ਨਾਲ ਬਿਨਾਂ ਕਸੂਰ ਜੇਲ੍ਹ 'ਚ ਰਹਿਣ ਲਈ ਮਜਬੂਰ ਬੱਚਿਆਂ ਦੀ ਸਿੱਖਿਆ ਤੇ ਸਿਹਤ ਮੇਰਾ ਇਕ ਹੋਰ ਅਹਿਮ ਕਾਰਜ ਹੈ | ਮੈਂ ਕੇਂਦਰੀ ਜੇਲ੍ਹ ਪਟਿਆਲਾ 'ਚ ਅਧਿਕਾਰੀਆਂ ਤੋਂ ਜਗ੍ਹਾ ਲੈ ਕੇ ਛੋਟੇ ਬੱਚਿਆਂ ਦੀ ਸੰਭਾਲ, ਸਿੱਖਿਆ ਅਤੇ ਸਿਹਤ ਦਾ ਕੇਂਦਰ ਖੋਲਿ੍ਹਆ ਹੈ | ਪਹਿਲਾਂਉਥੇ ਅਜਿਹੇ ਬੱਚਿਆਂ ਦੀ ਹਾਲਤ ਬੜੀ ਤਰਸਯੋਗ ਸੀ | ਪੰਜਾਬ ਦੀਆਂ ਪੰਜ ਹੋਰ ਜੇਲ੍ਹਾਂ ਬਠਿੰਡਾ, ਅੰਮਿ੍ਤਸਰ, ਕਪੂਰਥਲਾ, ਫਿਰੋਜ਼ਪੁਰ ਅਤੇ ਲੁਧਿਆਣਾ ਤੋਂ ਇਲਾਵਾ ਹਿਮਾਚਲ, ਚੰਡੀਗੜ੍ਹ ਤੇ ਹਰਿਆਣਾ ਦੀਆਂ ਜੇਲ੍ਹਾਂ ਵਿਚ ਵੀ ਉਹ ਅਜਿਹੇ ਕੇਂਦਰ ਚਾਲੂ ਕਰਨਗੇ | ਇਨ੍ਹਾਂ ਕੇਂਦਰਾਂ ਨੂੰ ਸਥਾਪਤ ਕਰਨ ਤੇ ਬਣਾਉਣਦਾ ਖਰਚਾ ਉਨ੍ਹਾਂਦਾ ਟਰੱਸਟ ਹੀ ਕਰੇਗਾ | ਇਸ ਦੇ ਨਾਲ ਪਟਿਆਲਾ ਵਿਖੇ ਇਕ ਨਸ਼ਾ ਛੁਡਾਊ ਕੇਂਦਰ ਵੀ ਖੋਲਿ੍ਹਆ ਗਿਆ ਹੈ ਤੇ ਹੁਣਤੱਕ ਉਹ 18 ਹਜ਼ਾਰ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀਆਂਸ਼ਾਦੀਆਂ ਵੀ ਕਰਵਾ ਚੁੱਕੇ ਹਨ |
• ਕੀ ਵਿੱਦਿਆ ਹਾਸਲ ਕਰਨ ਵਾਲੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਵੀ ਤੁਸੀਂਕਰਦੇ ਹੋ?
-ਸਰਬੱਤ ਦਾ ਭਲਾ ਟਰੱਸਟ ਦੁਆਰਾ ਹਜ਼ਾਰਾਂ ਵਿਦਿਆਰਥੀਆਂ ਨੂੰ ਅਪਣਾਇਆ ਹੋਇਆ ਹੈ |ਜਿਨ੍ਹਾਂ ਦੀ ਪੜ੍ਹਾਈ, ਵਰਦੀਆਂਤੇ ਹੋਰ ਕਈ ਤਰ੍ਹਾਂਦੇ ਖਰਚੇ ਉਹ ਖੁਦ ਕਰਦੇ ਹਨ | ਅਸੀਂ ਪੰਜਾਬ ਦੇ 19 ਅਜਿਹੇ ਵਿਦਿਆਰਥੀ ਸਪਾਂਸਰ ਕੀਤੇ ਹਨ, ਜਿਹੜੇ 4 ਸਾਲਾ ਇੰਜੀਨੀਅਰਿੰਗ ਡਿਗਰੀ ਹਾਸਲ ਕਰ ਰਹੇ ਹਨ | ਗਰੀਬ ਪਰਿਵਾਰਾਂ ਨਾਲ ਸਬੰਧਤ ਇਨ੍ਹਾਂਵਿਦਿਆਰਥੀਆਂ ਨੂੰ ਡਿਗਰੀ ਹਾਸਲ ਕਰਨ ਤੋਂ ਬਾਅਦ ਦੁਬਈ 'ਚ ਨੌਕਰੀ ਦੀ ਵੀ ਪੇਸ਼ਕਸ਼ ਹੈ | ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰਿਆਣਾ ਦੇ ਕਾਲਜ ਦੇ 25 ਵਿਦਿਆਰਥੀਆਂ ਦੀ ਉੱਚ ਵਿੱਦਿਆ ਦਾ ਜ਼ਿੰਮਾ ਵੀ ਸਾਡੇ ਟਰੱਸਟ ਨੇ ਓਡ ਰੱਖਿਆ ਹੈ ਤੇ ਫਿਲੌਰ ਲਾਗਲੇ ਸ੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟਾ ਦੇ 25 ਵਿਦਿਆਰਥੀਆਂ ਨੂੰ ਵੀ ਅਸੀਂ ਵਿੱਤੀ ਸਹਾਇਤਾ ਦੇ ਰਹੇ ਹਾਂ |ਤਲਵਾੜਾ ਟਾਊਨਸ਼ਿਪ ਦੇ ਲੜਕੀਆਂ ਦੇ ਸਰਕਾਰੀ ਸਕੂਲ ਦੀਆਂ 400 ਵਿਦਿਆਰਥਣਾਂ ਨੂੰ ਸਪਾਂਸਰ ਕੀਤਾ ਹੈ | ਮੈਂ ਆਪਣੀ ਮੁੱਢਲੀ ਵਿਦਿਆ ਇਥੇ ਹੀ ਹਾਸਲ ਕੀਤੀ ਸੀ | ਹੁਣਇਥੋਂ ਦੇ ਲੜਕਿਆਂ ਦੇ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਸਪਾਂਸਰ ਕੀਤਾ ਜਾਵੇਗਾ ਕਿਉਾਕਿ ਇਸ ਸਕੂਲ 'ਚੋਂ ਮੈਂ ਦਸਵੀਂ ਪਾਸ ਕੀਤੀ ਸੀ |
• ਤੁਸੀਂ ਨਿਪਾਲ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਸੰਭਾਲਣ ਦਾ ਕੰਮ ਵੀ ਕਰ ਰਹੇ ਹੋ?
-'ਸਰਬੱਤ ਦਾ ਭਲਾ ਟਰੱਸਟ' ਨਿਪਾਲ ਵਿਚ ਵੀ ਰਜਿਸਟਰਡ ਕਰਵਾ ਰਹੇ ਹਾਂ | ਤੀਜੀ ਉਦਾਸੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਕਠਮੰਡੂ ਗਏ ਸਨ, ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਜਿਸ ਦੀ 200 ਏਕੜ ਜ਼ਮੀਨ ਸੀ | ਪਰ ਹੁਣਉਹ 5 ਏਕੜ ਰਹਿ ਗਈ ਸੀ ਤੇ ਇਸ ਵਿਚੋਂ ਵੀ 4 ਏਕੜ ਜਗ੍ਹਾ ਸਰਕਾਰ ਨੇ ਕਰਾਏ ਉਪਰ ਦੇ ਦਿੱਤੀ ਸੀ | ਅਸੀਂ ਯਤਨ ਕਰਕੇ ਲੀਜ਼ ਤੁੜਵਾ ਦਿੱਤੀ ਹੈ ਤੇ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਦੀ ਸੰਭਾਲ ਦਾ ਕੰਮ ਸ਼ੁਰੂ ਕੀਤਾ ਹੈ | ਨਾਲ ਇਥੇ ਆਉਣ ਵਾਲੇ ਯਾਤਰੀਆਂ ਦੀ ਰਿਹਾਇਸ਼ ਲਈ ਸਰਾਂ ਬਣਵਾ ਰਹੇ ਹਾਂ | ਕਠਮੰਡੂ ਦੇ ਨੇੜੇ-ਤੇੜੇ ਤਿੰਨ ਹੋਰ ਗੁਰਦੁਆਰੇ ਹਨ ਜਿਨ੍ਹਾਂ ਦੀ ਸੰਭਾਲ ਵੀ ਅਸੀਂ ਕਰਾਂਗੇ | ਗੁਰਦੁਆਰਾ ਸਾਹਿਬ ਦੇ ਨਾਲ ਆਸ਼ਰਮ ਬਣਾਉਣ ਦੀ ਪ੍ਰਵਾਨਗੀ ਮਿਲ ਗਈ ਹੈ | ਇਥੇ ਅਨਾਥ ਬੱਚਿਆਂ ਨੂੰ ਰੱਖਿਆ ਜਾਵੇਗਾ | ਉਨ੍ਹਾਂਦੇ ਪਾਲਣ-ਪੋਸਣ ਤੇ ਪੜ੍ਹਾਈ ਦਾ ਪ੍ਰਬੰਧ ਅਸੀਂ ਕਰਾਂਗੇ, ਇਨ੍ਹਾਂ ਬੱਚਿਆਂ ਨੂੰ ਪੰਜਾਬੀ ਤੇ ਗੁਰਬਾਣੀ ਦੀ ਪੜ੍ਹਾਈ ਵੀ ਕਰਵਾਈ ਜਾਵੇਗੀ |
ਮੇਜਰ ਸਿੰਘ
-ਜਲੰਧਰ | ਮੋਬਾਈਲ : 99884-44461.

ਕੌਣ ਹਨ ਉਬਰਾਏ?

ਡੁਬਈ ਦੇ 'ਅਪੈਕਸ ਗਰੁੱਪ ਆਫ਼ ਕੰਪਨੀਜ਼' ਦੇ ਮਾਲਕ ਐਸ. ਪੀ. ਸਿੰਘ ਉਬਰਾਏ ਡੀਜ਼ਲ ਇੰਜਣ ਮਕੈਨਿਕ ਤੋਂ ਕੈਰੀਅਰ ਸ਼ੁਰੂ ਕਰਕੇ ਵੱਡੇ ਕਾਰੋਬਾਰ ਦੇ ਮਾਲਕ ਬਣਨ ਵਾਲੇ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਵਿਅਕਤੀ ਹਨ | ਇੰਜਣਮਕੈਨਿਕ ਦਾ ਡਿਪਲੋਮਾ ਕਰਨ ਬਾਅਦ ਸਾਲ ਕੁ ਹਿਮਾਚਲ 'ਚ ਇਕ ਡੈਮ ਉਪਰ ਕੰਮ ਕਰਨ ਬਾਅਦ ਉਹ 1977 'ਚ ਡੁਬਈ ਚਲੇ ਗਏ | ਪਰ 80 'ਚ ਵਾਪਸ ਆ ਕੇ ਉਨ੍ਹਾਂ ਤਲਵਾੜਾ ਡੈਮ, ਨਹਿਰਾਂ ਤੇ ਫਿਰ ਪੇਂਡੂ ਸੜਕਾਂ ਬਣਾਉਣ ਦੀ ਠੇਕੇਦਾਰੀ ਸ਼ੁਰੂ ਕੀਤੀ | ਮੁੜ 1993 'ਚ ਦੁਬਈ ਜਾ ਕੇ ਉਸਾਰੀ 'ਚ ਵਰਤੀ ਜਾਣ ਵਾਲੀ ਵੱਡੀ ਮਸ਼ੀਨਰੀ ਦੀ ਟ੍ਰੇਡਿੰਗ ਦਾ ਕੰਮ ਸ਼ੁਰੂ ਕੀਤਾ | ਇਹ ਕੰਮ ਉਨ੍ਹਾਂ ਦੇ ਅਜਿਹਾ ਰਾਸ ਆਇਆ ਕਿ ਕੁਝਹੀ ਸਾਲਾਂ ਵਿਚ ਉਹ ਸਫ਼ਲਤਾ ਦੀਆਂਉੱਚੀਆਂ ਟੀਸੀਆਂ ਛੂਹ ਗਏ | 2006 ਵਿਚ ਉਨ੍ਹਾਂ ਦੁਬਈ 'ਗਲੋਬਲ ਵਿਲੇਜ਼' ਵਿਚ 'ਤਾਜ ਮਹੱਲ' ਉਸਾਰ ਦਿੱਤਾ | 1998 'ਚ ਉਨ੍ਹਾਂ 150 ਕਮਰਿਆਂ ਦਾ ਸਭ ਤੋਂ ਵੱਡਾ ਗਰੈਂਡ ਹੋਟਲ ਉਸਾਰਿਆ | ਪਿਛਲੇ 14 ਸਾਲ ਤੋਂ ਇਸ ਹੋਟਲ ਵਿਚ ਹਰ ਰੋਜ਼ ਭੰਗੜੇ ਤੇ ਗਿੱਧੇ ਦਾ ਸ਼ੋਅ ਹੁੰਦਾ ਆ ਰਿਹਾ ਹੈ | ਇਹ ਹੋਟਲ ਪੰਜਾਬੀ ਵਿਰਾਸਤ ਨਾਲ ਭਰਪੂਰ ਹੈ | ਸ: ਉਬਰਾਏ ਨੂੰ ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਕਾਰਨ ਦੇਸ਼-ਵਿਦੇਸ਼ ਦੀਆਂਅਨੇਕਾਂ ਸਭਾ, ਸੁਸਾਇਟੀਆਂ ਸਨਮਾਨਿਤ ਕਰ ਚੁੱਕੀਆਂਹਨ | 

No comments:

Post a Comment