ਕੈਨੇਡਾ 'ਚ ਐਸ. ਪੀ. ਉਬਰਾਏ ਤੇ ਜੀ. ਕੇ. ਸਿੰਘ ਦਾ ਸਨਮਾਨ
ਵੈਨਕੂਵਰ, 29 ਮਾਰਚ (ਗੁਰਵਿੰਦਰ ਸਿੰਘ ਧਾਲੀਵਾਲ)-'ਸਰਬੱਤ ਦਾ ਭਲਾ' ਸੰਸਥਾ ਦੇ ਬਾਨੀ ਅਤੇ ਡੁੁਬਈ 'ਚੋਂ ਫਾਂਸੀ ਦੀ ਸਜ਼ਾ ਤੋਂ ਪੰਜਾਬੀ ਨੌਜਵਾਨਾਂ ਨੂੰ ਬਚਾਉਣ ਵਾਲੇ ਸਮਾਜ ਸੇਵੀ ਐਸ. ਪੀ. ਉਬਰਾਏ ਦਾ ਕੈਨੇਡਾ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਹਾਜ਼ਰ ਪਟਿਆਲਾ ਦੇ ਡੀ. ਸੀ. ਸ: ਗੋਪਾਲ ਕ੍ਰਿਸ਼ਨ ਸਿੰਘ ਧਾਲੀਵਾਲ ਨੂੰ ਵੀ ਭਾਈਚਾਰੇ ਵੱਲੋਂ ਇਮਾਨਦਾਰੀ ਨਾਲ ਪ੍ਰਸ਼ਾਸਨਿਕ ਸੇਵਾਵਾਂ ਬਦਲੇ ਸਨਮਾਨ ਦਿੱਤਾ ਗਿਆ | ਪੰਜਾਬੀ ਪ੍ਰੈੱਸ ਕਲੱਬ ਆਫ ਬੀ. ਸੀ. ਨਾਲ ਵਿਸ਼ੇਸ਼ ਮਿਲਣੀ ਮੌਕੇ ਸ: ਉਬਰਾਏ ਨੇ ਦੱਸਿਆ ਕਿ ਉਹ ਹੁਣ ਤੱਕ 54 ਪੰਜਾਬੀਆਂ ਨੂੰ ਫਾਂਸੀ ਤੋਂ ਬਚਾ ਚੁੱਕੇ ਹਨ ਅਤੇ ਠੱਗ ਏਜੰਟਾਂ ਦੇ ਧੋਖਿਆਂ ਦਾ ਸ਼ਿਕਾਰ ਹੋਏ ਪੰਜਾਬੀਆਂ ਨੂੰ ਜਾਗਰੂਕ ਕਰਨਲਈ ਵੀ ਵਚਨਬੱਧ ਹਨ | ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ, ਨੈਸ਼ਨਲ ਹੈਰੀਟੇਜ, ਐਬਟਸਫੋਰਡ, ਸਿੱਖ ਅਕੈਡਮੀ ਸਰੀ ਅਤੇ ਪਿਕਸ ਸੰਸਥਾ ਦੇ ਨੁਮਾਇੰਦਿਆਂ ਵੱਲੋਂ ਵੀ ਐਸ. ਪੀ. ਉਬਰਾਏ ਅਤੇ ਜੀ. ਕੇ. ਸਿੰਘ ਨੂੰ ਸਨਮਾਨ-ਚਿੰਨ੍ਹ ਭੇਟ ਕੀਤੇ ਗਏ | ਗਰੈਂਡ ਤਾਜ ਬੈਂਕੁਇਟ ਹਾਲ 'ਚ ਹੋਏ ਵੱਡੇ ਸਮਾਗਮ 'ਚ ਦੋਹਾਂ ਸ਼ਖ਼ਸੀਅਤਾਂ ਨੇ ਭਾਈਚਾਰੇ ਦੇ ਵਿਸ਼ਾਲ ਇਕੱਠ ਨੂੰਸੰਬੋਧਨ ਕਰਦਿਆਂ ਪੰਜਾਬ ਦੀ ਬਿਹਤਰੀ ਲਈ ਯੋਗਦਾਨ ਪਾਉਣ ਵਾਸਤੇ ਪ੍ਰੇਰਿਤ ਕੀਤਾ |